ਸਾਹਨੇਵਾਲ ਦੇ ਨੀਂਹ ਪੱਥਰ ਦਾ ਮਸਲਾ ਸੁਖਬੀਰ ਦੱਸੇ ਉਸ ਵੱਲੋਂ ਰੱਖੇ ਪਹਿਲੇ ਨੀਂਹ ਪੱਥਰ ਦਾ ਕੀ ਬਣਿਆ : ਖੰਗੂੜਾ - 03/10/2010
ਸੁਖਬੀਰ ਸਿੰਘ ਬਾਦਲ ਵਲੋਂ ਅੱਜ ਸਾਹਨੇਵਾਲ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਮਾਡਲ ਥਾਣੇ ਦੇ ਰੱਖੇ ਗਏ ਨੀਂਹ ਪੱਥਰਾਂ ਤੇ ਟਿਪੱਣੀ ਕਰਦਿਆਂ ਕਿਲਾ ਰਾਏਪੁਰ ਐਮ.ਐਲ.ਏ. ਜੱਸੀ ਖੰਗੂੜਾ ਨੇ ਸ਼੍ਰੀ ਬਾਦਲ ਨੂੰ ਇਹ ਦਸਣ ਲਈ ਕਿਹਾ ਕਿ ਬੀਤੇ ਸਮੇ ਵਿੱਚ ਉਸ ਵਲੋਂ ਬੜੇ ਧੂਮ ਧੜੱਕੇ ਨਾਲ ਰਖੇ ਗਏ ਨੀਂਹ ਪੱਥਰ ਦਾ ਕੀ ਬਣਿਆ।
ਨੀਂਹ ਪੱਥਰਾਂ ਤੋਂ ਇਲਾਵਾ ਲੁਧਿਆਣਾ ਸ਼ਹਿਰ ਦੇ ਵਿਕਾਸ ਬਾਰੇ ਸੁਖਬੀਰ ਬਾਦਲ ਵਲੋਂ ਕੀਤੇ ਗਏ ਵਾਅਦੇ ਗਿਣਾਉਂਦਿਆਂ ਸ਼੍ਰੀ ਖੰਗੂੜਾ ਨੇ ਸ਼੍ਰੀ ਬਾਦਲ ਤੋਂ ਪੁਛਿਆ ਤੁਸੀਂ ਏਅਰ ਕੰਡੀਸ਼ਨ ਲੋਕਲ ਬੱਸ ਚਲਾਉਣ ਦਾ ਵਾਅਦਾ ਕੀਤਾ, ਮੈਟਰੋ ਰੇਲ ਦਾ ਵਾਅਦਾ ਕੀਤਾ, ਐਕਸਪ੍ਰੈਸ ਵੇਅ ਦਾ, ਚੌਵੀ ਘੰਟੇ ਬਿਜਲੀ ਸਪਲਾਈ ਦਾ, ਲੁਧਿਆਣੇ ਨੁੰ ਦੇਸ਼ ਦਾ ਪੰਜਵਾਂ ਮੈਟਰੋ ਸ਼ਹਿਰ ਅਤੇ ਲੁਧਿਆਣੇ ਨੂੰ ਪੈਰਿਸ ਬਣਾਉਣ ਦਾ ਵਾਅਦਾ ਵੀ ਕੀਤਾ ਸੀ ਪੱਰ ਦੱਸੋ ਇਨ੍ਹਾਂ ਵਾਦਿਆਂ ਦਾ ਕੀ ਬਣਿਆ।
ਸੁਖਬੀਰ ਬਾਦਲ ਵਲੋਂ ਬੀਤੇ ਸਮੇ ਵਿੱਚ ਰੱਖੇ ਗਏ ਨੀਂਹ ਪੱਥਰਾਂ ਬਾਰੇ ਬੋਲਦਿਆਂ ਕਾਂਗਰਸੀ ਐਮ.ਐਲ.ਏ ਨੇ ਕਿਹਾ ਕਿ ਸੁਖਬੀਰ ਨੂੰ ਚਾਹੀਦਾ ਹੈ ਕਿ ਮੇਰੇ ਇਸ ਬਿਆਨ ਦੇ ਪ੍ਰਤੀਕਰਮ ਵਜੋਂ ਓਹ ਦੱਸੇ ਕਿ ਉਪਰੋਕਤ ਨੀਂਹ ਪੱਥਰਾਂ ਵਾਲੇ ਪ੍ਰੋਜੈਕਟਾਂ ਚੋਂ ਕੀ ਕੋਈ ਮੁਕੱਮਲ ਹੋਇਆ ਹੈ ਜਾਂ ਕਿਸੇ ਤੇ ਕੰਮ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕੋਲ ਨੀਂਹ ਪੱਥਰ ਰਖਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਇਸ ਮਾਅਰਕੇਬਾਜੀ ਵਿੱਚ ਉਹ ਕਈ ਵਾਰ ਇਕੋ ਪ੍ਰੋਜੈਕਟ ਦੇ ਦੋ ਦੋ ਵਾਰੀ ਨੀਂਹ ਪੱਥਰ ਵੀ ਰੱਖ ਦਿੰਦਾ ਹੈ।
ਸਰਕਾਰ ਦੇ ਸਾਢੇ ਤਿੰਨ ਸਾਲ ਬੀਤੇ ਚੁੱਕੇ ਹਨ ਪੱਰ ਹਾਲੇ ਤਾਈਂ ਉਸ ਵਲੋਂ ਸੁਰੂ ਕੀਤਾ ਇਕ ਵੀ ਪ੍ਰੋਜੈਕਟ ਸਿਰੇ ਨਹੀਂ ਚੜਿਆ। ਸ਼੍ਰੀ ਜੱਸੀ ਖੰਗੂੜਾ ਨੇ ਕਿਹਾ ਕਿ ਲੁਧਿਆਣਾ ਦੇਸ਼ ਦਾ ਮੈਟਰੋ ਸ਼ਹਿਰ ਬਣਨ ਦੀ ਬਜਾਇ ਕੂੜੇ ਕਰਕਟ ਵਾਲਾ ਸ਼ਹਿਰ ਬਣ ਗਿਆ ਹੈ। ਬਿਜਲੀ ਕੱਟ, ਟ੍ਰੈਫਿਕ ਜਾਮ ਅਤੇ ਗੰਦਗੀ ਢੇਰਾਂ ਵਾਲੇ ਸ਼ਹਿਰ ਨੂੰ ਸੁਖਬੀਰ ਬਾਦਲ ਜੇ ਅੱਜੇ ਵੀ ਪੰਜਾਬ ਦਾ ਸਰਵੋਤਮ ਵਪਾਰਿਕ ਸ਼ਹਿਰ ਕਹਾਉਣਾ ਚਾਹੁਂਦਾ ਹੈ ਤਾਂ ਇਸ ਗੱਲ ਦਾ ਸਹਿਜੇ ਹੀ ਅੰਦਾਜ਼ ਲੱਗ ਸਕਦਾ ਹੈ ਕਿ ਸੁਬੇ ਦੇ ਬਾਕੀ ਸ਼ਹਿਰਾਂ ਦਾ ਕੀ ਹਾਲ ਹੋਵੇਗਾ। ਜੱਸੀ ਖੰਗੂੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਰਾਂਟ ਮਿਲਣ ਦੇ ਬਾਵਜੂਦ ਬੁੱਢੇ ਨਾਲੇ ਦੀ ਸਫਾਈ ਨਹੀਂ ਹੋ ਸਕੀ। ਲੱਕੜ ਪੁੱਲ ਤੇ ਓਵਰ ਬ੍ਰਿਜ ਦੀ ਉਸਾਰੀ ਵੀ ਅਧਵਾਟੇ ਹੀ ਰੁੱਕ ਗਈ ਹੈ। ਸੁਖਬੀਰ ਬਾਦਲ ਨੂੰ ਸਿਰਫ ਨੀਂਹ ਪੱਥਰ ਰੱਖਣ ਦਾ ਫਤੂਰ ਚੜਿਆ ਜਾਪਦਾ ਹੈ ਤਾਂ ਕਿ ਉਹ ਆਉਂਦੀ ਚੋਣ ਮੌਕੇ ਸਿਰਫ ਨੀਂਹ ਪੱਥਰਾਂ ਦੀ ਗਿਣਤੀ ਵੋਟਰਾਂ ਨੂੰ ਦੱਸ ਸਕੇ।